ਭੂਮਿਕਾ - ਪੰਜਾਬ ਗੀਤਾਂ ਦਾ ਦੇਸ਼ ਹੈ । ਹਰ ਇੱਕ ਪੰਜਾਬੀ ਗੀਤਾਂ ਦੀਆਂ ਧੁਨਾਂ ਵਿੱਚ ਜੰਮਦਾ , ਲੋਰੀਆਂ ਵਿੱਚ ਪਲਦਾ , ਮਾਹੀਏ ਤੇ ਢੋਲੇ ਗਾਉਂਦਾ ਜਵਾਨ ਹੁੰਦਾ ਹੈ । ਬਚਪਨ ਵਿੱਚ ਜੋ ਬੱਚੇ ਖੇਡਦੇ , ਬਾਤਾਂ ਤੇ ਬੁਝਾਰਤਾਂ ਪਾਉਂਦੇ ਹਨ , ਇਹ ਸਾਰਾ ਕੁਝ ਲੋਕ - ਗੀਤਾਂ ਵਿੱਚ ਉੱਭਰ ਕੇ ਸਾਹਮਣੇ ਆਉਂਦਾ ਹੈ । ਇਹਨਾਂ ਗੀਤਾਂ ਦੇ ਲਿਖਣ ਵਾਲੇ ਦਾ ਕੋਈ ਨਿਸ਼ਚਿਤ ਨਾਂ ਨਹੀਂ ਹੈ । ਇਹ ਸਦੀਆਂ ਤੋਂ ਪੀੜ੍ਹੀ ਦਰ ਪੀੜ੍ਹੀ ਲੋਕ ਸਿਮਰਤੀ ਦਾ ਅੰਗ ਬਣ ਕੇ ਅੱਗੇ ਚੱਲਦੇ ਰਹਿੰਦੇ ਹਨ ।
ਪੰਜਾਬੀ ਲੋਕ ਗੀਤਾਂ ਦਾ ਸੁਭਾਅ : - ਪੰਜਾਬੀ ਲੋਕ - ਗੀਤ ਪੰਜਾਬੀ ਰਹਿਣੀ - ਬਹਿਣੀ , ਰੀਤਾਂ - ਰਸਮਾਂ ਅਤੇ ਪੰਜਾਬੀਆਂ ਦੇ ਸੁਭਾਅ ਦਾ ਪ੍ਰਗਟਾਵਾ ਕਰਦੇ ਹਨ | ਇਹ ਗੀਤ ਸਾਡੇ ਇਤਿਹਾਸ ਬਾਰੇ ਵੀ ਜਾਣਕਾਰੀ ਦਿੰਦੇ ਹਨ । ਇਹਨਾਂ ਗੀਤਾਂ ਵਿੱਚ ਦੁੱਖ - ਸੁੱਖ ਖ਼ੁਸ਼ੀਆਂ - ਗਮੀਆਂ ਅਤੇ ਵਲਵਲਿਆਂ ਦਾ ਵਰਣਨ ਹੁੰਦਾ ਹੈ । ਇਹਨਾਂ ਗੀਤਾਂ ਵਿੱਚ ਸਾਂਝੇ ਪੰਜਾਬ ਦੇ ਦਿਲ ਦੀ ਧੜਕਣ ਹੈ । ਇਹਨਾਂ ਵਿੱਚ ਕੋਈ ਬਨਾਵਟ ਨਹੀਂ ਸਗੋਂ ਸਾਦਗੀ , ਸਰਲਤਾ ਤੇ ਮਿਠਾਸ ਕੁੱਟ - ਕੁੱਟ ਕੇ ਭਰੀ ਪਈ ਹੈ ।
ਲੋਕ ਗੀਤ : - ਜਦੋਂ ਬੱਚਾ ਅਜੇ ਬਚਪਨ ਵਿੱਚ ਹੀ ਹੁੰਦਾ ਹੈ ਤਾਂ ਉਹ ਕਵਿਤਾ ਵਿੱਚ ਬਾਤਾਂ ਪਾਉਣ ਲੱਗ ਪੈਂਦਾ ਹੈ ; ਜਿਵੇਂ : ਕਿੱਕਰ ਕਾਂ ਉਡਾਏ ਨਾ , ਕਾਂ ਗੁਲੇਲਾ ਸੁੱਟੇ ਨਾ । ਚਿੜੀ ਵਿਚਾਰੀ ਕੀ ਕਰੇ , ਠੰਢਾ ਪਾਣੀ ਪੀ ਮਰੇ । ਪੰਜਾਬੀ ਮਾਵਾਂ ਬੱਚਿਆਂ ਨੂੰ ਸੁਆਉਣ ਲੱਗੀਆਂ , ਪਰਚਾਉਣ ਲੱਗੀਆਂ ਜਾਂ ਮੂੰਹ ਧੋਣ ਸਮੇਂ ਅਜਿਹੇ ਗੀਤ ਗਾਉਂਦੀਆਂ ਹਨ : ਈਚੀ ਬੀਚੀ ਕੋਕੋ ਖਾਏ , ਘਿਉ ਦੀ ਚੂਰੀ ਕਾਕਾ ਖਾਏ ।
ਨਿੱਕੀ ਉਮਰ ਦੇ ਲੋਹੜੀ ਦੇ ਲੋਕ - ਗੀਤ : - ਨਿੱਕੀ ਉਮਰ ਦੇ ਮੁੰਡੇ ਲੋਹੜੀ ਮੰਗਦੇ ਸਮੇਂ ਅਨੇਕ ਪ੍ਰਕਾਰ ਦੇ ਗੀਤ ਗਾਉਂਦੇ ਹਨ ਜਿਨ੍ਹਾਂ ਦਾ ਸੰਬੰਧ ਸਾਡੇ ਲੋਕ ਵਿਰਸੇ ਨਾਲ ਹੈ ; ਜਿਵੇਂ :
ਕਣਕਾਂ ਵਿੱਚ ਬਟੇਰੇ , ਦੋ ਸਾਧੂ ਦੇ ਦੋ ਮੇਰੇ ਸਾਧੂ ਚੱਲਿਆ ਰਾਹੇ ਨੂੰ , ਬਾਲੀ ਵਾਲੇ ਰਾਹੇ ਨੂੰ । ਜਵਾਨ ਹੁੰਦੀਆਂ ਕੁੜੀਆਂ ਦੇ ਗਿੱਧੇ ਅਤੇ ਕਿਕਲੀ ਦੇ ਗੀਤ ਬੜੇ ਰਸ ਭਰਪੂਰ ਹੁੰਦੇ ਹਨ :
ਕਿਕਲੀ ਕਲੀਰ ਦੀ ,ਪੱਗ ਮੇਰੇ ਵੀਰ ਦੀ ਦੁਪੱਟਾ ਮੇਰੇ ਭਾਈ ਦਾ,ਫਿੱਟੇ ਮੂੰਹ ਜਵਾਈ ਦਾ । ਜਦੋਂ ਭਰਾ ਭੈਣ ਨੂੰ ਸਹੁਰੇ ਘਰ ਮਿਲਣ ਜਾਂਦਾ ਹੈ ਤਾਂ ਭੈਣ ਅੱਖਾਂ ਵਿੱਚ ਹੰਝੂ ਭਰ ਕੇ ਬੜੀ ਦਰਦ ਭਿੰਨੀ ਅਵਾਜ਼ ਵਿੱਚ ਗੀਤ ਗਾਉਂਦੀ ਹੈ :
ਉੱਡੀਂ ਉੱਡੀਂ ਕਾਵਾਂ , ਜਾਈਂ ਮੇਰੇ ਬਾਬਲ ਦੇ ਦੇਸ । ਇੱਕ ਨਾ ਦੱਸੀਂ ਮੇਰੀ ਮਾਂ ਰਾਣੀ ਨੂੰ , ਰੋਊਗੀ ਗੁੱਡੀਆਂ ਪਟੋਲੇ ਫੋਲ ਕੇ ਇੱਕ ਨਾ ਦੱਸੀਂ ਮੇਰੇ ਬਾਪ ਨੂੰ ਰੋਊਗਾ ਭਰੀ ਕਚਹਿਰੀ ਛੋੜ ਕੇ । ਇੱਕ ਨਾ ਦੱਸੀਂ ਮੇਰੀ ਭਾਬੋ ਨੂੰ , ਹੱਸੂਗੀ ਪੇਕੇ ਜਾ ਕੇ । ਦੱਸੀਂ ਵੇ ਕਾਵਾਂ ਮੇਰੇ ਵੀਰ ਨੂੰ , ਆਊਗਾ ਨੀਲੜਾ ਘੋੜਾ ਪੀੜ ਕੇ ।
ਵਿਆਹ ਦੇ ਸਮੇਂ ਦੇ ਗੀਤ : - ਵਿਆਹ ਸਮੇਂ ਭੈਣਾਂ ਦੇ ਭਰਾਵਾਂ ਦੀ ਉਹਨਾਂ ਦੀ ਸੁੱਖਣਾ ਅਤੇ ਅਸੀਸਾਂ ਭਰੇ ਗੀਤ:
ਮਾਂ ਸੁਹਾਗਣ ਤੇਰੇ ਸ਼ਗਨ ਕਰੇ ਵੇ ਨਿੱਕਿਆ । ਵੀਰਾਂ ਦੀ ਜੋੜੀ ਤੇਰੇ ਨਾਲ ਚੜ੍ਹੀ ਵੇ ਨਿੱਕਿਆ । ਭੈਣ ਸੁਹਾਗਣ ਤੇਰੀ ਵਾਗ ਫੜੇ ਵੇ ਨਿੱਕਿਆ ।
ਵਿਆਹ ਸਮੇਂ ਮੁਟਿਆਰਾਂ ਉੱਚੀ - ਉੱਚੀ ਹੇਕਾਂ ਲਾ ਕੇ ਸੁਹਾਗ ਗੀਤ ਗਾਉਂਦੀਆਂ ਹਨ :
ਚੰਨਣ ਦੇ ਉਹਲੇ ਬੇਟੀ ਕਿਉਂ ਨੀ ਖੜ੍ਹੀ ? ਮੈਂ ਤਾਂ ਖੜ੍ਹੀ ਆਂ ਬਾਬਲ ਜੀ ਦੇ ਪਾਸ ,ਬੇਟੀ ਕਿਹਾ ਵਰ ਲੋੜੀਏ ?
ਬਾਬਲ ਜਿਉਂ ਤਾਰਿਆਂ ' ਚੋਂ ਚੰਨ , ਚੰਨਾਂ ਵਿੱਚੋਂ ਕਾਨ੍ਹ , ਕਨੱਈਆ ਵਰ ਲੋੜੀਏ । ਮਾਹੀਏ , ਟੱਪੇ , ਢੋਲੇ ਅਤੇ ਬੋਲੀਆਂ : - ਮਾਹੀਏ , ਟੱਪੇ , ਢੋਲੇ ਅਤੇ ਬੋਲੀਆਂ ਵਿੱਚ ਆਮ ਤੌਰ ' ਤੇ ਵਿਛੋੜੇ ਦੀ ਚੀਸ ਅਤੇ ਮਿਲਾਪ ਦੀ ਉਮੰਗ ਦੀ ਸੱਧਰ ਪੇਸ਼ ਕੀਤੀ ਗਈ ਹੁੰਦੀ ਹੈ ; ਜਿਵੇਂ :
ਢੋਲ ਜਾਨੀ , ਸਾਡੀ ਗਲ੍ਹੀ ਆ ਵੇ ਤੇਰੀ ਮਿਹਰਬਾਨੀ । ਢੋਲ ਸੱਜਣਾ , ਦਿਲ ਪ੍ਰਦੇਸੀਆਂ ਦਾ ਰਾਜ਼ੀ ਰੱਖਣਾ ।
ਲੋਕ - ਗੀਤਾਂ ਵਿੱਚ ਮਾਲਵੇ ਦੇ ਟੱਪੇ : - ਲੋਕ - ਗੀਤਾਂ ਵਿੱਚ ਮਾਲਵੇ ਦੇ ਟੱਪਿਆਂ ਦਾ ਵੀ ਵਿਸ਼ੇਸ਼ ਸਥਾਨ ਹੈ ; ਜਿਵੇਂ :
( ੳ ) ਅੱਡੀਆਂ ਕੂਚਦੀ ਮਰ ਗਈ , ਬਾਂਕਾਂ ਨਾ ਜੁੜੀਆਂ । ( ਅ ) ਗੋਰੇ ਰੰਗ ' ਤੇ ਦੁਪੱਟਾ ਕਿਹੜਾ ਸਜਦਾ ? ਪੁੱਛਦੀ ਕੁੜੀਆਂ ਤੋਂ ।
ਆਰਥਿਕਤਾ ਨਾਲ ਸੰਬੰਧਿਤ ਗੀਤ : - ਲੋਕ - ਗੀਤਾਂ ਵਿੱਚ ਪੰਜਾਬੀ ਲੋਕਾਂ ਦੀ ਆਰਥਿਕ ਹਾਲਤ ਦਾ ਵੀ ਜ਼ਿਕਰ ਹੁੰਦਾ ਹੈ : ਜੱਟ ਜੱਟੀ ਨੂੰ ਲੈਣ ਨਾ ਜਾਵੇ , ਡਰਦਾ ਕਬੀਲਦਾਰੀਓਂ ।
ਇਤਿਹਾਸਿਕ ਲੋਕ - ਗੀਤਾਂ ਦੀਆਂ ਤੁਕਾਂ : — ਲੋਕ - ਗੀਤਾਂ ਦਾ ਸੰਬੰਧ ਸਾਡੇ ਇਤਿਹਾਸ ਨਾਲ ਵੀ ਹੈ । ਇਹ ਲੋਕ - ਗੀਤ ਆਮ ਕਹਾਵਤਾਂ ਬਣ ਗਏ ਹਨ :
( ੳ ) ਖਾਧਾ ਪੀਤਾ ਲਾਹੇ ਦਾ , ਰਹਿੰਦਾ ਅਹਿਮਦ ਸ਼ਾਹੇ ਦਾ । ( ਅ ) ਦੇਹ ਚਰਖੇ ਨੂੰ ਗੇੜਾ , ਲੋੜ ਨਹੀਂ ਤੋਪਾਂ ਦੀ ।
ਜਵਾਨੀ ਦੀ ਸੁੰਦਰਤਾ ਦੇ ਗੀਤ : — ਜਵਾਨ ਹੋਈ ਕੁੜੀ ਦੀ ਸੁੰਦਰਤਾ ਦਾ ਵਰਣਨ ਵੀ ਲੋਕ - ਗੀਤਾਂ ਵਿੱਚ ਮਿਲਦਾ ਹੈ : ਹੁਸਨ ਕੁਆਰੀ ਦਾ , ਜਿਉਂ ਦਿਨ ਚੜ੍ਹਦੇ ਦੀ ਲਾਲੀ ।
ਸਾਰੰਸ਼ : —ਇਸ ਤਰ੍ਹਾਂ ਲੋਕ - ਗੀਤ ਸਾਡੀ ਰੂਹ ਦੀ ਖੁਰਾਕ ਹਨ । ਇਹ ਗੀਤ ਜਨਮ ਤੋਂ ਲੈ ਕੇ ਮਰਨ ਤੱਕ ਸਾਡਾ ਸਾਥ ਨਿਭਾਉਂਦੇ ਹਨ । ਇਹਨਾਂ ਗੀਤਾਂ ਵਿੱਚੋਂ ਸਾਡੇ ਸੱਭਿਆਚਾਰ ਦੀ ਝਲਕ ਮਿਲਦੀ ਹੈ । ਅੱਜ ਸਾਡੇ ਪੰਜਾਬ ਵਿੱਚ ਜਿੱਥੇ ਵੀ ਸੱਭਿਆਚਾਰਿਕ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਹੋਵੇ ਤਾਂ ‘ ਤੂਤਕ ਤੂਤਕ ਤੂਤੀਆਂ ' , ‘ ਆੜਾ ਬੱਬਾ ਅੰਬ ਚੂਪਦੀ ' ਜਾਂ ‘ ਮੇਰੀ ਡਿੱਗ ਪਈ ਚਰ੍ਹੀ ਦੇ ਵਿੱਚ ਗਾਨੀ ਚੁੱਕ ਲਿਆ ਮੋਰ ਬਣ ਕੇ ਆਦਿ ਲੋਕ - ਗੀਤ ਗੂੰਜਦੇ ਸੁਣਾਈ ਦਿੰਦੇ ਹਨ । ਭਾਵੇਂ ਇਹਨਾਂ ਗੀਤਾਂ ਦਾ ਕੋਈ ਮਤਲਬ ਨਹੀਂ ਪਰ ਅਸੀਂ ਅਨੰਦ ਜ਼ਰੂਰ ਮਾਣਦੇ ਹਾਂ ।
0 Comments