ਪੰਜਾਬ ਦੀਆਂ ਖੇਡਾਂ

                                          


ਭੂਮਿਕਾ:- ਪੰਜਾਬ ਰਿਸ਼ਟ-ਪੁਸ਼ਟ ਪੰਜਾਬੀਆਂ ਦਾ ਦੇਸ਼ ਹੈ।ਪੰਜਾਬੀ ਵੱਡੇ ਦਿਲ ਵਾਲੇ ਹੁੰਦੇ ਹਨ।ਪੰਜਾਬੀ ਲੋਕ ਹੱਡਾਂ -ਪੈਰਾਂ ਦੇ ਮੋਕਲੇ ਹਨ ਪੰਜਾਬੀ ਦੇ ਹੱਥ ਪੈਰ ਨਹੀਂ ਟਿਕਦੇ ਇਹ ਕਿਵੇਂ ਨਾ ਕਿਵੇਂ ਆਪਣਾ ਮਨੋਰੰਜਨ ਦਾ ਸਾਧਨ ਲੱਭ ਹੀ ਲੇਂਦੇ ਹਨ।ਬੱਚੇ ਬੁੱਢੇ ਜਵਾਨ ਤੇ ਮੁਟਿਆਰਾਂ ਕਿਸੇ ਨਾ ਕਿਸੇ ਤਰ੍ਹਾਂ ਖੇਡ ਵਿੱਚ ਦਿਲ ਲਗਾ ਹੀ ਲੇਦੇ ਹਨ।ਇਸ ਲਈ ਹਰ ਵਰਗ ਦੇ ਲਈ ਪੰਜਾਬ ਵਿੱਚ ਖੇਡ ਮਿਲਦੀ ਹੈ। 

ਖੇਡਾਂ ਨਾਲ ਸਰੀਰਕ ਵਿਕਾਸ: - ਪੰਜਾਬੀ ਖੇਡਾਂ ਵਿੱਚ ਪਲਦਾ , ਖੇਡਾਂ ਵਿੱਚ ਜਵਾਨ ਹੁੰਦਾ ਹੈ ਅਤੇ ਖੇਡਾਂ ਵਿੱਚ ਹੀ ਬੁੱਢਾ ਹੁੰਦਾ ਹੈ । ਪੰਜਾਬੀ ਮੌਜੀ ਸੁਭਾਅ ਦੇ ਸੁਆਮੀ ਹੋਣ ਕਾਰਨ ਹਰ ਉਮਰ ਵਿੱਚ ਖੇਡ ਲੱਭ ਲੈਂਦੇ ਹਨ । ਪੰਜਾਬ ਦੇ ਬੱਚੇ - ਬੱਚੀਆਂ ਊਠਕ - ਬੈਠਕ , ਧੁੱਪ - ਛਾਂ , ਬੰਟੇ , ਲੁਕਣ - ਮੀਟੀ , ਕੋਰੜਾ - ਛਪਾਕੀ , ਚੀਚ - ਚੀਚ ਆਦਿ ਖੇਡਦੇ ਹਨ । ਇਹਨਾਂ ਖੇਡਾਂ ਨਾਲ ਕਾਫੀ ਕਸਰਤ ਹੋ ਜਾਂਦੀ ਹੈ । ਹਰ ਖੇਡ ਕਸਰਤ ਦੇ ਨਾਲ - ਨਾਲ ਬੱਚਿਆਂ ਦੇ ਦਿਲ - ਪਰਚਾਵੇ ਦਾ ਵੀ ਵਧੀਆ ਸਾਧਨ ਹੈ । ਕਈਆਂ ਖੇਡਾਂ ਵਿੱਚ ਅਕਲ ਵੀ ਵਧਦੀ ਹੈ । ਪੰਜਾਬ ਦੇ ਪਿੰਡਾਂ ਵਿੱਚ ਥੋੜ੍ਹੀ ਵੱਡੀ ਉਮਰ ਦੇ ਬੱਚੇ ਗੁੱਲੀ - ਡੰਡਾ , ਖਿੱਦੋ - ਖੂੰਡੀ ਜਾਂ ਜੱਫਲ , ਕਬੱਡੀ ਖੇਡਦੇ ਹਨ । ਇਹ ਸਾਰੀਆਂ ਖੇਡਾਂ ਚੰਗੀ ਕਸਰਤ ਕਰਵਾ ਦਿੰਦੀਆਂ ਹਨ । ਕਬੱਡੀ ਤਾਂ ਇਸ ਉਮਰ ਦੀ ਬਹੁਤ ਹੀ ਮਨ - ਭਾਉਂਦੀ ਖੇਡ ਹੈ । ਕੱਪੜੇ ਉਤਾਰ ਕੇ ਮਿੱਟੀ ਨਾਲ ਮਿੱਟੀ ਹੋ ਜਾਂਦੇ ਹਨ । ਕਾਫੀ ਜ਼ੋਰ ਲੱਗਦਾ ਹੈ । ਇਹਨਾਂ ਨਾਲ ਦੌੜਨ ਭੱਜਣ ਤੇ ਸਾਹ ਰੋਕਣ ਦਾ ਚੰਗਾ ਅਭਿਆਸ ਹੋ ਜਾਂਦਾ ਹੈ । 

ਪੰਜਾਬ ਦੀਆਂ ਪੁਰਾਣੀਆਂ ਖੇਡਾਂ : - ਪੰਜਾਬ ਦੇ ਜਵਾਨਾਂ ਲਈ ਪੁਰਾਣੀਆਂ ਖੇਡਾਂ ਤਾਂ ਕੁਸ਼ਤੀਆਂ , ਪੰਜਾ ਫੜਨਾ , ਬੀਣੀ ਫੜਨੀ , ਮੁਗਧਰ ਚੁੱਕਣਾ , ਰੱਸਾ ਖਿੱਚਣਾ ਤੇ ਮੂੰਗਲੀਆਂ ਫੇਰਨੀਆਂ ਆਦਿ ਹੁੰਦੀਆਂ ਸਨ । ਪਰ ਲੋਕਾਂ ਪਾਸ ਹੁਣ ਸਮਾਂ ਬਹੁਤ ਘੱਟ ਹੋਣ ਕਾਰਨ ਪਿੰਡਾਂ ਵਿੱਚੋਂ ਇਹ ਖੇਡਾਂ ਅਲੋਪ ਹੋਈ ਜਾ ਰਹੀਆਂ ਹਨ । ਅੱਗੇ ਹਰ ਪਿੰਡ ਵਿੱਚ ਸਾਲ ਵਿੱਚ ਇੱਕ ਅੱਧੀ ਵਾਰੀ ਛਿੰਝ ਪੈਂਦੀ ਸੀ , ਉਸ ਦੀ ਤਿਆਰੀ ਲਈ ਕੁਸ਼ਤੀਆਂ ਹੁੰਦੀਆਂ ਸਨ । ਹੁਣ ਛਿੰਝਾਂ ਵੀ ਘਟ ਗਈਆਂ ਹਨ । 

ਪੰਜਾਬ ਦੀਆਂ ਨਵੀਆਂ ਖੇਡਾਂ : - ਸ਼ਹਿਰਾਂ ਵਿੱਚ ਵੀ ਤੇ ਹੁਣ ਦੇ ਅਗਾਂਹ ਵਧੂ ਪਿੰਡਾਂ ਵਿੱਚ ਫੁਟਬਾਲ , ਹਾਕੀ ਤੇ ਵਾਲੀਬਾਲ ਵੀ ਪੰਜਾਬ ਦੀਆਂ ਖੇਡਾਂ ਬਣ ਗਈਆਂ ਹਨ । ਹਾਕੀ ਤੇ ਠੀਕ ਹੀ ਪੰਜਾਬ ਦੀ ਹੈ । ਭਾਰਤ ਦੇ ਨੈਸ਼ਨਲ ਮੁਕਾਬਲੇ ਵਿੱਚ ਪੰਜਾਬ ਜਿੱਤਦਾ ਰਿਹਾ ਹੈ । ਓਲਿੰਪਕ ਖੇਡਾਂ ਵਿੱਚ ਜਾਣ ਵਾਲੀ ਭਾਰਤ ਦੀ ਟੀਮ ਵਿੱਚ ਬਹੁਤੇ ਪੰਜਾਬੀ ਹੁੰਦੇ ਹਨ । ਪਿੰਡਾਂ ਦਿਆਂ ਸਕੂਲਾਂ ਤੇ ਕਾਲਜਾਂ ਵਿੱਚ ਹਾਕੀ ਉੱਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ । ਸ਼ਾਮ ਨੂੰ ਕਿਸੇ ਗਰਾਊਂਡ ਵਿੱਚ ਜਾਓ , ਬੱਚੇ , ਨੌਜਵਾਨ ਹਾਕੀ ਖੇਡ ਰਹੇ ਨਜ਼ਰੀਂ ਆਉਣਗੇ । ਇਹੋ ਹਾਲ ਫੁਟਬਾਲ ਦਾ ਹੈ । ਭਾਰਤ ਦੀ ਫੁਟਬਾਲ ਦੀ ਟੀਮ ਵਿੱਚ ਕਈ ਪੰਜਾਬੀ ਖਿਡਾਰੀ ਸ਼ਾਮਲ ਹੁੰਦੇ ਹਨ । ਪਹਿਲਾਂ ਸਕੂਲ ਦੀ ਪੱਧਰ ' ਤੇ ਫੁਟਬਾਲ ਦੇ ਮੈਚ ਹੁੰਦੇ ਹਨ । ਫਿਰ ਯੂਨੀਵਰਸਿਟੀ ਪੱਧਰ ' ਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਮੁਕਾਬਲੇ ਹੁੰਦੇ ਹਨ । ਪੰਜਾਬੀ ਵਾਲੀਬਾਲ ਦੇ ਵੀ ਸ਼ੌਕੀਨ ਹੁੰਦੇ ਜਾ ਰਹੇ ਹਨ । ਯੂਨੀਵਰਸਿਟੀ ਪੱਧਰ ਤੇ ਵਾਲੀਵਾਲ ਦੇ ਮੁਕਾਬਲੇ ਹੁੰਦੇ ਹਨ । ਫੁਟਬਾਲ ਤੇ ਹਾਕੀ ਆਏ ਦਿਨ ਪੰਜਾਬ ਵਿੱਚ ਕਾਫੀ ਹਰਮਨ ਪਿਆਰੀਆਂ ਖੇਡਾਂ ਹੁੰਦੀਆਂ ਜਾ ਰਹੀਆਂ ਹਨ । 

ਖੇਡਾਂ ਦੇ ਵਿਕਾਸ ਵਿੱਚ ਸਰਕਾਰੀ ਯੋਗਦਾਨ : - ਅਸਲ ਵਿੱਚ ਪੰਜਾਬ ਸਰਕਾਰ ਨੇ ਖੇਡਾਂ ਦੇ ਉਤਸਾਹ ਲਈ ਇੱਕ ਵੱਖਰਾ ਹੀ ਵਿਭਾਗ ਖੋਲ੍ਹ ਦਿੱਤਾ ਹੈ । ਹਰ ਜ਼ਿਲ੍ਹੇ ਵਿੱਚ ਖੇਡਾਂ ਦਾ ਇੱਕ ਅਫ਼ਸਰ ਨਿਯੁਕਤ ਕਰ ਦਿੱਤਾ ਹੈ । ਉਸ ਅਧੀਨ ਕਈ ਕੋਚ ਹਨ।ਉਹ ਜ਼ਿਲ੍ਹੇ ਵਿੱਚ ਭਿੰਨ ਭਿੰਨ ਖੇਡਾਂ ਦੇ ਕੈਂਪ ਲਗਾ ਕੇ ਖਿਡਾਰੀਆਂ ਨੂੰ ਖੇਡਾਂ ਦੇ ਮੁਢਲੇ ਨਿਯਮਾਂ ਦਾ ਗਿਆਨ ਦੇ ਕੇ ਖੇਡਾਂ ਦੀ ਤਕਨੀਕ ਵੀ ਸਿਖਾਉਂਦੇ ਹਨ । ਇਸ ਤੋਂ ਬਿਨਾਂ ਖੇਡਾਂ ਦਾ ਸਕੂਲ ਤੇ ਕਾਲਜ ਵੀ ਜਲੰਧਰ ਵਿਖੇ ਖੋਲ੍ਹ ਦਿੱਤਾ ਗਿਆ ਹੈ ਜਿਥੇ ਬਾਕੀ ਵਿਸ਼ਿਆਂ ਦੀ ਪੜ੍ਹਾਈ ਦੇ ਨਾਲ - ਨਾਲ ਖੇਡਾਂ ਵਿੱਚ ਰੁਚੀ ਰੱਖਣ ਵਾਲੇ ਵਿਦਿਆਰਥੀਆਂ ਨੂੰ ਦਾਖ਼ਲਾ ਦੇ ਕੇ ਉਹਨਾਂ ਦੀਆਂ ਰੁਚੀਆਂ ਨੂੰ ਪ੍ਰਫੁੱਲਤ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ । ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਖੇਡਾਂ ਵੱਲ ਖਿੱਚਣ ਲਈ ਕਾਫ਼ੀ ਵਜੀਫੇ ਦੇਣੇ ਸ਼ੁਰੂ ਕਰ ਦਿੱਤੇ ਹਨ।

ਕੁੜੀਆਂ ਦੀਆਂ ਖੇਡਾਂ : - ਪੰਜਾਬੀ ਮੁੰਡਿਆਂ ਦੀਆਂ ਖੇਡਾਂ ਵਾਂਗ ਪੰਜਾਬੀ ਕੁੜੀਆਂ ਕਿਸੇ ਪੱਖ ਤੋਂ ਖੇਡਾਂ ਵਿੱਚ ਪਿੱਛੇ ਨਹੀਂ ਹਨ । ਪੁਰਾਣੇ ਪੰਜਾਬ ਵਿੱਚ ਤਾਂ ਕੁੜੀਆਂ ਕਿੱਕਲੀ ' , ਥਾਲ , ਪੀਂਘਾਂ ਤੇ ਗਿੱਧੇ ਪਾਉਂਦੀਆਂ ਸਨ ਪਰ ਉਸ ਸਮੇਂ ਵਿੱਦਿਆ ਦਾ ਏਨਾ ਪ੍ਰਚਾਰ ਨਹੀਂ ਸੀ । ਹੁਣ ਤਾਂ ਪੇਂਡੂ ਇਲਾਕਿਆਂ ਵਿੱਚ ਵੀ ਕਾਲਜ ਖੁੱਲ੍ਹ ਗਏ ਹਨ । ਇਸੇ ਲਈ ਕੁੜੀਆਂ ਨੇ ਹਰ ਤਰ੍ਹਾਂ ਦੀਆਂ ਖੇਡਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਹੈ । ਕੁੜੀਆਂ ਹਾਕੀ , ਵਾਲੀਬਾਲ , ਬੈਡਮਿੰਟਨ ਤੇ ਖੋ - ਖੋ ਖੇਡਦੀਆਂ ਹਨ।ਖੇਡਾਂ ਦੇ ਹਰ ਖੇਤਰ ਵਿੱਚ ਪੰਜਾਬੀ ਮੁਟਿਆਰਾਂ ਮੁੰਡਿਆਂ ਦੇ ਬਰਾਬਰ ਹਿੱਸਾ ਲੈ ਰਹੀਆਂ ਹਨ।ਉਹ ਸਮਾਂ ਲੱਦ ਗਿਆ ਜਦੋਂ ਪੰਜਾਬੀ ਕੁੜੀਆਂ ਕੇਵਲ ਗੁੱਡੇ - ਗੁੱਡੀਆਂ ਜਾਂ ਘਰ - ਘਰ ਬਣਾ ਕੇ ਖੇਡਦੀਆਂ ਸਨ।ਵਿੱਦਿਆ ਦੇ ਪਸਾਰੇ ਦੇ ਨਾਲ - ਨਾਲ ਪੰਜਾਬ ਨੇ ਖੇਡਾਂ ਦੇ ਮੈਦਾਨ ਵਿੱਚ ਕਾਫ਼ੀ ਉੱਨਤੀ ਕੀਤੀ ਹੈ । 

- ਬਜ਼ੁਰਗਾਂ ਦੀਆਂ ਖੇਡਾਂ : - ਪੰਜਾਬ ਦੇ ਬਜ਼ੁਰਗ ਕੇਵਲ ਤਾਸ਼ , ਚੋਪੜ , ਸ਼ਤਰੰਜ ਆਦਿ ਖੇਡਾਂ ਖੇਡਦੇ ਹਨ । ਇਹਨਾਂ ਖੇਡਾਂ ਉੱਤੇ ਜ਼ੋਰ ਨਹੀਂ ਲੱਗਦਾ ਪਰ ਅਕਲ ਦੀ ਵਰਤੋਂ ਜ਼ਰੂਰ ਹੁੰਦੀ ਹੈ । ਨਾਲ - ਨਾਲ ਇਹ ਮਨੋਰੰਜਨ ਦਾ ਸਾਧਨ ਵੀ ਹੁੰਦੀਆਂ ਹਨ । ਇਹਨਾਂ ਨੂੰ ਕਿਸੇ ਲੰਬੇ ਚੌੜੇ ਮੈਦਾਨ ਦੀ ਜ਼ਰੂਰਤ ਨਹੀਂ ਹੈ । 

ਸਾਰੰਸ਼ : ਪੰਜਾਬ ਦੀਆਂ ਖੇਡਾਂ ਨੇ ਹੀ ਪੰਜਾਬੀਆਂ ਨੂੰ ਰਿਸ਼ਟ ਪੁਸ਼ਟ ਬਣਾ ਦਿੱਤਾ ਹੈ । ਖੇਡ ਦੇ ਮੈਦਾਨ ਤੋਂ ਇਲਾਵਾ ਵੀ ਪੰਜਾਬੀਆਂ ਦੀ ਦੁਨੀਆਂ ਵਿੱਚ ਵੱਖਰੀ ਪਹਿਚਾਣ ਹੈ। ਪੰਜਾਬੀ ਕਾਫ਼ੀ ਮਿਹਨਤੀ ਹੁੰਦੇ ਹਨ।ਜਿਧਰ ਨਜ਼ਰ ਮਾਰੋ ਪੰਜਾਬੀਆਂ ਅੱਗੇ ਸਫਲਤਾ ਨੱਚਦੀ ਫਿਰਦੀ ਹੈ । ਇਹਨਾਂ ਵਿਚਲੀ ਏਕਤਾ , ਉੱਨਤੀ ਤੇ ਕੁਰਬਾਨੀਆਂ ਆਦਿ ਦੇ ਗੁਣ ਖੇਡਾਂ ਤੋਂ ਹੀ ਮਿਲੇ ਹਨ । ਪੰਜਾਬ ਨੇ ਬਹੁਤ ਚੰਗੇ ਖਿਡਾਰੀਆਂ ਨੂੰ ਪੈਦਾ ਕੀਤਾ ਹੈ ।

Post a Comment

0 Comments