ਮੇਰਾ ਮਨਭਾਉਂਦਾ ਕਵੀ ਜਾਂ ਭਾਈ ਵੀਰ ਸਿੰਘ
ਭੂਮਿਕਾ : -ਪੰਜਾਬੀ ਸਾਹਿਤ - ਗਗਨ ਕਵੀਆਂ ਰੂਪੀ ਚਮਕਦਾਰ ਸਿਤਾਰਿਆਂ ਨਾਲ ਭਰਿਆ ਪਿਆ ਹੈ । ਹਰ ਸਿਤਾਰੇ ਦੀ ਆਪੋ ਆਪਣੀ ਨਵੇਕਲੀ ਤੇ ਨਿਰਾਲੀ ਛਾਪ ਹੈ । ਬਾਬਾ ਫ਼ਰੀਦ , ਸ਼ਾਹ ਹੁਸੈਨ , ਬੁੱਲ੍ਹੇ ਸ਼ਾਹ , ਗੁਰੂ ਨਾਨਕ ਦੇਵ , ਵਾਰਸ ਸ਼ਾਹ , ਹਾਸ਼ਮ , ਭਾਈ ਵੀਰ ਸਿੰਘ , ਪ੍ਰੋ . ਪੂਰਨ ਸਿੰਘ , ਧਨੀ ਰਾਮ ਚਾਤ੍ਰਿਕ , ਪ੍ਰੋ . ਮੋਹਨ ਸਿੰਘ , ਅੰਮ੍ਰਿਤਾ ਪ੍ਰੀਤਮ , ਸ਼ਿਵ ਕੁਮਾਰ ਬਟਾਲਵੀ ਵਰਗੇ ਕਵੀਆਂ ' ਤੇ ਪੰਜਾਬੀ ਸਾਹਿਤ ਅਤੇ ਪੰਜਾਬੀਆਂ ਨੂੰ ਮਾਣ ਹੈ । ਭਾਵੇਂ ਇਹਨਾਂ ਸਾਰੇ ਕਵੀਆਂ ਦੀਆਂ ਰਚਨਾਵਾਂ ਇੱਕ ਤੋਂ ਇੱਕ ਵਧ ਕੇ ਹਨ ਪਰ ਮੈਂ ਭਾਈ ਵੀਰ ਸਿੰਘ ਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਹਾਂ । ਇਹ ਇੱਕ ਅਜਿਹਾ ਕਵੀ ਹੋਇਆ ਹੈ ਜਿਸ ਨੇ ਕਵਿਤਾ ਦੀਆਂ ਪੁਰਾਤਨ ਲੀਹਾਂ ਨੂੰ ਛੱਡ ਕੇ ਆਧੁਨਿਕ ਕਾਵਿ ਨੂੰ ਜਨਮ ਦਿੱਤਾ । ਇਸ ਨੇ ਨਿੱਕੀ ਕਵਿਤਾ ਤੋਂ ਮਹਾਂ - ਕਾਵਿ ਤੱਕ ਦੀ ਰਚਨਾ ਕੀਤੀ ।
ਜਨਮ ਤੇ ਵਿੱਦਿਆ : –ਭਾਈ ਵੀਰ ਸਿੰਘ ਦਾ ਜਨਮ 1872 ਈ . ਨੂੰ ਅੰਮ੍ਰਿਤਸਰ ਵਿਖੇ ਡਾ . ਚਰਨ ਸਿੰਘ ਦੇ ਘਰ ਹੋਇਆ । ਆਪ ਦੇ ਪਿਤਾ ਅਤੇ ਨਾਨਾ ਕਾਫ਼ੀ ਵਿਦਵਾਨ ਸਨ । ਇਸ ਕਰਕੇ ਵਿਦਵਤਾ ਆਪ ਨੂੰ ਵਿਰਸੇ ਵਿੱਚ ਮਿਲ ਗਈ । ਉਰਦੂ ਤੇ ਫ਼ਾਰਸੀ ਆਪ ਨੇ ਮੌਲਵੀ ਪਾਸੋਂ ਸਿੱਖੀ । ਆਪਣੇ ਨਾਨਾ ਹਜ਼ਾਰਾ ਸਿੰਘ ਕੋਲੋਂ ਸੰਸਕ੍ਰਿਤ ਤੇ ਬ੍ਰਿਜ ਭਾਸ਼ਾ ਦਾ ਗਿਆਨ ਪ੍ਰਾਪਤ ਕੀਤਾ । ਦਸਵੀਂ ਜਮਾਤ ਦਾ ਇਮਤਿਹਾਨ ਆਪ ਨੇ ਚਰਚ ਮਿਸ਼ਨ ਹਾਈ ਸਕੂਲ ਤੋਂ ਜ਼ਿਲ੍ਹੇ ਭਰ ਵਿੱਚੋਂ ਪਹਿਲੇ ਨੰਬਰ ' ਤੇ ਰਹਿ ਕੇ ਪਾਸ ਕੀਤਾ ਤੇ ਸੋਨੇ ਦਾ ਤਮਗਾ ਜਿੱਤਿਆ ਸਾਹਿਤਕ ਖੇਤਰ ਵਿੱਚ ਪ੍ਰਾਪਤੀਆਂ : -ਦਸਵੀਂ ਪਾਸ ਕਰਨ ਤੋਂ ਬਾਅਦ ਆਪ ਨੇ ਵਜ਼ੀਰ ਸਿੰਘ ਨਾਲ ਮਿਲ ਕੇ ਵਜ਼ੀਰ ਹਿੰਦ ਪ੍ਰੈੱਸ ਖੋਲ੍ਹੀ । 1893 ਈ . ਵਿੱਚ ਉਹਨਾਂ ਨੇ ਇੱਕ ਮਾਸਿਕ ਪੱਤਰ ‘ ਨਿਰਗੁਣਿਆਰਾ ’ ਸ਼ੁਰੂ ਕੀਤਾ । ਆਪ ਨੇ ਸ . ਕੌਰ ਸਿੰਘ ਨਾਲ ਰਲ ਕੇ ਖ਼ਾਲਸਾ ਟ੍ਰੈਕਟ ਸੁਸਾਇਟੀ ਦੀ ਸਥਾਪਨਾ ਕੀਤੀ । ਇਹ ਸੰਸਥਾ ਸਿੱਖ ਧਰਮ ਅਤੇ ਇਤਿਹਾਸ ਬਾਰੇ ਟ੍ਰੈਕਟ ਛਪਾ ਕੇ ਵੰਡਿਆ ਕਰਦੀ ਸੀ । 1898 ਈ . ਵਿੱਚ ਆਪ ਨੇ ਇੱਕ ਸਪਤਾਹਿਕ ਪੱਤਰ ‘ ਖ਼ਾਲਸਾ ਸਮਾਚਾਰ ' ਸ਼ੁਰੂ ਕੀਤਾ ।
ਮਾਣ - ਸਨਮਾਨ : –1949 ਈ . ਵਿੱਚ ਪੰਜਾਬ ਯੂਨੀਵਰਸਿਟੀ ਨੇ ਆਪ ਨੂੰ ‘ ਡਾਕਟਰ ਆਫ਼ ਓਰੀਐਂਟਲ ਲਰਨਿੰਗ ਦੀ ਡਿਗਰੀ ਦਿੱਤੀ । 1952 ਈ . ਵਿੱਚ ਆਪ ਪੰਜਾਬ ਵਿਧਾਨ - ਪ੍ਰੀਸ਼ਦ ਦੇ ਅਤੇ ਦੋ ਵਰ੍ਹੇ ਮਗਰੋਂ ਸਾਹਿਤ ਅਕਾਦਮੀ ਦੇ ਮੈਂਬਰ ਨਾਮਜ਼ਦ ਹੋਏ । ਆਪ ਦੀਆਂ ਸਾਹਿਤਕ ਸੇਵਾਵਾਂ ਕਾਰਨ ਆਪ ਨੂੰ ਅਭਿਨੰਦਨ ਗ੍ਰੰਥ ਵੀ ਭੇਂਟ ਕੀਤਾ ਗਿਆ ।
ਰਚਨਾਵਾਂ : –ਭਾਈ ਵੀਰ ਸਿੰਘ ਨੇ ਕਵਿਤਾ ਅਤੇ ਵਾਰਤਕ ਦੋਹਾਂ ਰੂਪਾਂ ਵਿੱਚ ਪੰਜਾਬੀ ਸਾਹਿਤ ਦੀ ਸੇਵਾ ਕੀਤੀ।ਆਪ ਨੇ ਹੇਠ ਲਿਖੀਆਂ ਰਚਨਾਵਾਂ ਰਚੀਆਂ : ‘ ਰਾਣਾ ਸੂਰਤ ਸਿੰਘ ’ ( ਮਹਾਂ - ਕਾਵਿ ) , ‘ ਲਹਿਰਾਂ ਦੇ ਹਾਰ ’ , ‘ ਮਟਕ ਹੁਲਾਰੇ ’ , ‘ ਪ੍ਰੀਤ ਵੀਣਾ ’ , ‘ ਕੰਬਦੀ ਕਲਾਈ ’ , ‘ ਕੰਤ ਮਹੇਲੀ ’ ਤੇ ‘ ਮੇਰੇ ਸਾਈਆਂ ਜੀਓ ' ਕਾਵਿ - ਸੰਗ੍ਰਹਿ ਦੇ ਰੂਪ ਵਿੱਚ ਰਚੇ । ਭਾਈ ਵੀਰ ਸਿੰਘ ਨੂੰ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਵੀ ਕਿਹਾ ਜਾਂਦਾ ਹੈ । ਕਲਾ ਪੱਖੋਂ ਇਹ ਛੋਟੀਆਂ ਕਵਿਤਾਵਾਂ ਵੱਡੀਆਂ ਕਵਿਤਾਵਾਂ ਨਾਲੋਂ ਵੀ ਮਹਾਨ ਹਨ ।
ਨਾਵਲ ਤੇ ਨਾਟਕ : - ਭਾਈ ਵੀਰ ਸਿੰਘ ਨੇ ‘ ਸੁੰਦਰੀ ’ , ‘ ਬਿਜੈ ਸਿੰਘ ' ਸਤਵੰਤ ਕੋਰ ਤੇ ਬਾਬਾ ਨੌਧ ਸਿੰਘ ਜਿਹੇ ਨਾਵਲ ਲਿਖੇ। ਆਪ ਨੇ ਰਾਜਾ ਲੱਖਦਾਤਾ ਸਿੰਘ ਨਾ ਦਾ ਨਾਟਕ ਵੀ ਲਿਖਿਆ।
ਵਾਰਤਕ:-ਭਾਈ ਵੀਰ ਸਿੰਘ ਨੇ ਗੁਰੂ ਨਾਨਕ ਚਮਤਕਾਰ, ਸ੍ਰੀ ਕਲਗੀਧਰ ਚਮਤਕਾਰ ਅਤੇ ਅਸਟ ਗੁਰੂ ਚਮਤਕਾਰ ਨਾਂ ਦੀਆਂ ਵਾਰਤਕ ਰਚਨਾਵਾਂ ਵੀ ਰਚੀਆਂ।
ਕੁਦਰਤ ਨਾਲ ਪਿਆਰ:-ਭਾਈ ਵੀਰ ਸਿੰਘ ਦੀਆਂ ਕਵਿਤਾਵਾਂ ਵਿੱਚ ਕੁਦਰਤ ਦਾ ਪਿਆਰ ਕੁਦਰਤ ਵਿੱਚ ਰੱਬ ਵਸਦਾ ਦਿਖਾਈ ਦਿੰਦਾ ਹੈ ਜਿਵੇਂ:-
ਵੈਰੀ ਨਾਗ ਤੇਰਾ ਪਹਿਲਾ ਝਲਕਾ , ਜਦ ਅੱਖੀਆਂ ਵਿੱਚ ਵੱਜਦਾ।
ਕੁਦਰਤ ਦੇ ਕਾਦਰ ਦਾ ਜਲਵਾ, ਲੈ ਲੈਂਦਾ ਇਕ ਸਜਦਾ।
ਦੇਹਾਂਤ:-1957 ਈ: ਵਿੱਚ ਆਪ ਦਾ ਦੇਹਾਂਤ ਹੋ ਗਿਆ।
ਸਾਰੰਸ਼:-ਭਾਈ ਵੀਰ ਸਿੰਘ ਜੀ ਅਧੁਨਿਕ ਪੰਜਾਬੀ ਸਾਹਿਤ ਨੂੰ ਜਨਮ ਦੇਣ ਵਾਲੇ ਇੱਕ ਮਹਾਨ ਸਹਿਤਕਾਰ ਸਨ। ਆਪ ਨੇ ਪੰਜਾਬੀ ਸਾਹਿਤ ਲਈ ਬਹੁਤ ਉਸਾਰੂ ਕੰਮ ਕੀਤੇ ਜਿਸ ਨਾਲ ਪੰਜਾਬੀ ਸਾਹਿਤ ਦਾ ਭੰਡਾਰ ਭਰਿਆ। ਆਪ ਪੰਜਾਬੀ ਸਾਹਿਤ ਦੇ ਇੱਕ ਮਹਾਨ ਉਸਰੱਈਏ ਸਨ।
0 Comments