ਭੂਮਿਕਾ:-ਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਹੈ।ਅਸੀਂ ਵਿਗਿਆਨ ਦੇ ਯੁੱਗ ਵਿੱਚ ਰਹਿ ਰਹੇ ਹਾਂ।ਇਸ ਯੁੱਗ ਵਿੱਚ ਵਿਗਿਆਨ ਨੇ ਇੰਨੀ ਤਰੱਕੀ ਕੀਤੀ ਹੈ ਇਸ ਨੇ ਪੂਰੇ ਸੰਸਾਰ ਨੂੰ ਬਦਲ ਕੇ ਰੱਖ ਦਿੱਤਾ ਹੈ।ਹਰ ਰੋਜ ਨਵੀਂ ਤੋਂ ਨਵੀਂ ਕਾਢ ਨਾਲ ਵਿਗਿਆਨੀ ਸਾਨੂੰ ਹਮੇਸ਼ਾ ਹੀ ਹੈਰਾਨ ਕਰਦੇ ਹਨ
ਵਿਗਿਆਨ ਦੀ ਤਰੱਕੀ:- ਸਾਨੂੰ ਪਿਛੇ ਦੇਖਣ ਤੇ ਪਤਾ ਚਲਦਾ ਹੈ ਕਿ ਪਿਛਲੇ ਸਮੇਂ ਦੇ ਮੁਕਾਬਲੇ ਅੱਜ ਵਿਗਿਆਨ ਨੇ ਕਿੰਨੀ ਤਰੱਕੀ ਕੀਤੀ ਹੈ। ਹੁਣ ਦਾ ਜੀਵਨ ਵਿਗਿਆਨ ਨਾਲ ਜੁੜ ਗਿਆ ਹੈ । ਵਿਗਿਆਨ ਦੀਆਂ ਮਿਹਰਬਾਨੀਆਂ ਜਿਵੇਂ ਅਨਾਜ ਉਗਾਉਣਾ , ਘਰਾਂ ਵਿੱਚ ਚਾਨਣ ਕਰਨਾ , ਸਰਦੀਆਂ ਵਿੱਚ ਇਹਨਾਂ ਨੂੰ ਨਿੱਘਾ ਅਤੇ ਗਰਮੀਆਂ ਵਿੱਚ ਠੰਢਾ ਕਰਨਾ ਆਦਿ ਨੇ ਮਨੁੱਖੀ ਜੀਵਨ ਨੂੰ ਅਰਾਮਦਾਇਕ ਬਣਾ ਦਿੱਤਾ ਹੈ । ਮੁੱਕਦੀ ਗੱਲ ਵਿਗਿਆਨ ਨੇ ਸਾਡੇ ਜੀਵਨ ਦੇ ਹਰ ਪੱਖ ਉੱਤੇ ਮਹੱਤਵਪੂਰਨ ਪ੍ਰਭਾਵ ਪਾਇਆ ਹੈ ।
ਮਨੋਰੰਜਨ : — ਮਨੋਰੰਜਨ ਦੇ ਖੇਤਰ ਵਿੱਚ ਤਾਂ ਵਿਗਿਆਨ ਨੇ ਚਮਤਕਾਰ ਹੀ ਕਰ ਦਿੱਤਾ ਹੈ । ਉਹ ਆਦਮੀ ਜੋ ਕਦੀ ਮਨੋਰੰਜਨ ਵਾਸਤੇ ਘਰ ਤੋਂ ਬਾਹਰ ਆਸਰਾ ਲੱਭਦਾ ਫਿਰਦਾ ਸੀ ਅੱਜ ਟੈਲੀਵੀਜ਼ਨ ਤੇ ਰੇਡੀਓ ਨੇ ਉਸ ਨੂੰ ਇੱਕ ਕਿਸਮ ਦਾ ਅੰਦਰ ਹੀ ਬੰਦ ਕਰ ਦਿੱਤਾ ਹੈ । ਇਨਟਰਨੈੱਟ ਨਾਲ ਜੁੜਨ ਨਾਲ ਵਿਅਕਤੀ ਆਪਣੇ ਆਪ ਨੂੰ ਇੱਕਲਾ ਮਹਿਸੂਸ ਨਹੀਂ ਕਰਦਾ।ਫ਼ਿਲਮਾਂ , ਨਾਟਕਾਂ , ਤਮਾਸ਼ੇ , ਖ਼ਬਰਾਂ , ਨਵੇਂ - ਨਵੇਂ ਗੀਤ , ਮੁਸ਼ਾਹਿਰੇ , ਵਿਦਵਾਨਾਂ ਦੇ ਭਾਸ਼ਣ , ਮੌਸਮ ਬਾਰੇ ਜਾਣਕਾਰੀ , ਮੰਡੀਆਂ ਦੇ ਤਾਜ਼ਾ ਭਾਅ ਘਰ ਬੈਠਿਆਂ ਹੀ ਦੇਖ - ਸੁਣ ਸਕਦੇ ਹਾਂ ।
ਸਿਹਤ - ਸਹੂਲਤਾਂ : – ਸਿਹਤ ਸਹੂਲਤਾਂ ਦੇ ਖੇਤਰ ਵਿੱਚ ਵਿਗਿਆਨ ਨੇ ਹੈਰਾਨੀਜਨਕ ਕਾਢਾਂ ਕੱਢ ਕੇ ਮਨੁੱਖ ਨੂੰ ਹੈਰਾਨ ਕਰ ਦਿੱਤਾ ਹੈ । ਐਕਸ - ਕਿਰਨਾਂ ਦੀਆਂ ਮਸ਼ੀਨਾਂ ਅਦਿੱਖ ਬਿਮਾਰੀਆਂ ਬਾਰੇ ਪਤਾ ਲਗਾ ਲੈਂਦੀਆਂ ਹਨ । ਟੁੱਟੀਆਂ ਹੋਈਆਂ ਹੱਡੀਆਂ ਤੇ ਕੱਟਿਆ ਹੋਇਆ ਮਾਸ ਇਸ ਤਰ੍ਹਾਂ ਜੋੜ ਦਿੱਤਾ ਜਾਂਦਾ ਹੈ ਜਿਵੇਂ ਕਦੇ ਕੁਝ ਹੋਇਆ ਹੀ ਨਾ ਹੋਵੇ । ਅੱਜ - ਕੱਲ੍ਹ ਤਾਂ ਮਰੀਜ਼ ਦੇ ਗੁਰਦੇ ਆਦਿ ਵੀ ਬਦਲ ਦਿੱਤੇ ਜਾਂਦੇ ਹਨ । ਖੂਨ ਦੇ ਕਤਰੇ ਨਾਲ ਮਿੰਟਾਂ ਵਿੱਚ ਹੀ ਬਿਮਾਰੀ ਦਾ ਪਤਾ ਲਗਾ ਲਿਆ ਜਾਂਦਾ ਹੈ ਮਲੇਰੀਆ , ਚੇਚਕ ਅਤੇ ਹੈਜ਼ਾ ਆਦਿ ਬਿਮਾਰੀਆਂ ' ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ । ਕਾਫ਼ੀ ਹੱਦ ਤੱਕ ਕੈਂਸਰ ਦਾ ਇਲਾਜ ਵੀ ਲੱਭ ਚੁੱਕਾ ਹੈ।
ਆਵਾਜਾਈ ਦੇ ਸਾਧਨਾਂ ਵਿੱਚ ਦੇਣ : — ਕਦੇ ਕੋਈ ਸਮਾਂ ਸੀ ਜਦੋਂ ਮਨੁੱਖ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਜਾਣ ਲਈ ਘੰਟੇ ਨਹੀਂ ਸਗੋਂ ਕਈ ਦਿਨ / ਮਹੀਨੇ ਲੱਗ ਜਾਂਦੇ ਸਨ । ਪਰ ਅੱਜ ਮੋਟਰਾਂ , ਰੇਲ ਗੱਡੀਆਂ , ਹਵਾਈ ਤੇ ਸਮੁੰਦਰੀ ਜਹਾਜ਼ਾਂ ਨਾਲ ਕੁਝ ਘੰਟਿਆਂ ਵਿੱਚ ਹੀ ਅਸੀਂ ਦੁਨੀਆਂ ਜਾਂ ਦੇਸ ਦੇ ਕਿਸੇ ਵੀ ਹਿੱਸੇ ਵਿੱਚ ਪੁੱਜ ਸਕਦੇ ਹਾਂ । ਢੋਆ ਢੁਆਈ ਪਹਿਲਾਂ ਨਾਲੋਂ ਕਾਫ਼ੀ ਅਸਾਨ ਹੋ ਗਈ ਹੈ । ਤੇਜ਼ ਰਫ਼ਤਾਰ ਸਾਧਨਾਂ ਨੇ ਸਮੇਂ ਤੇ ਸਥਾਨ ਦੀ ਵਿੱਥ ਨੂੰ ਘਟਾ ਦਿੱਤਾ ਹੈ ।
ਛਾਪਾਖ਼ਾਨਾ : — ਵਿਗਿਆਨ ਦੀ ਦੇਣ ਸਦਕਾ ਸਵੇਰੇ - ਸਵੇਰੇ ਹੀ ਅਸੀਂ ਅਖ਼ਬਾਰ ਰਾਹੀਂ ਪੂਰੇ ਵਿਸ਼ਵ ਬਾਰੇ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਾਂ ਛਾਪੇਖ਼ਾਨੇ ਰਾਤੋ - ਰਾਤ ਲੱਖਾਂ ਦੀ ਗਿਣਤੀ ਵਿੱਚ ਅਖ਼ਬਾਰਾਂ ਛਾਪ ਦਿੰਦੇ ਹਨ ੧੪ ਘੰਟੇ ਅਸੀਂ ਆਨਲਾਈਨ ਖਬਰਾਂ ਪੜ ਸਕਦੇ ਹਾਂ।
ਬਿਜਲੀ ਵਿਗਿਆਨ ਦੀ ਮੁੱਖ ਦੇਣ : — ਬਿਜਲੀ ਨੇ ਤਾਂ ਸਾਡੇ ਹਨੇਰੇ ਘਰਾਂ ਨੂੰ ਰੋਸ਼ਨ ਕਰ ਦਿੱਤਾ ਹੈ।ਅੱਜ ਘਰ - ਬਾਹਰ ਦਾ ਹਰ ਕੰਮ ਬਿਜਲੀ ਨਾਲ ਹੋ ਰਿਹਾ ਹੈ । ਘਰ ਦਾ ਖਾਣਾ ਪਕਾਉਣ , ਕੱਪੜੇ ਧੋਣ , ਸੁਕਾਉਣ ਤੇ ਪ੍ਰੈੱਸ ਆਦਿ ਦੇ ਸਭ ਕੰਮ ਬਿਜਲੀ ਨਾਲ ਹੋ ਰਹੇ ਹਨ । ਵੱਡੇ - ਵੱਡੇ ਉਦਯੋਗਿਕ ਕਾਰਖ਼ਾਨੇ ਬਿਜਲੀ ਤੋਂ ਬਿਨਾਂ ਅਧੂਰੇ ਹਨ । ਕਿਸਾਨ ਦੀਆਂ ਫ਼ਸਲਾਂ ਦੀ ਕੀਮਤ ਬਿਜਲੀ ਬਿਨਾਂ ਅੱਧੀ ਰਹਿ ਜਾਂਦੀ ਹੈ । ਇਸ ਲਈ ਬਿਜਲੀ ਨੇ ਬੰਦੇ ਦੀ ਜ਼ਿੰਦਗੀ ਬੜਾ ਸੁੱਖ - ਅਰਾਮ ਦਿੱਤਾ ਹੈ । ਸੰਚਾਰ ਦੇ ਸਾਧਨ : —ਟੈਲੀਫੋਨ , ਤਾਰ , ਫ਼ੈਕਸ , ਈ ਮੇਲ , ਇੰਟਰਨੈੱਟ ਆਦਿ ਨੇ ਤਾਂ ਮਨੁੱਖ ਨੂੰ ਇੱਕ ਦੂਸਰੇ ਦੇ ਬਹੁਤ ਨੇੜੇ ਕਰ ਦਿੱਤਾ ਹੈ । ਜਦੋਂ ਦੀ ਆਈ . ਐੱਸ . ਡੀ . ਸੇਵਾ ਸ਼ੁਰੂ ਹੋਈ ਹੈ ਮਨੁੱਖ ਨੂੰ ਬੜਾ ਹੀ ਅਰਾਮ ਹੋਇਆ ਹੈ । ਬੰਦਾ ਅਮਰੀਕਾ , ਕੈਨੇਡਾ , ਇੰਗਲੈਂਡ ਜਾਂ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਥੋੜ੍ਹੇ ਜਿਹੇ ਪੈਸਿਆਂ ਨਾਲ ਗੱਲਬਾਤ ਕਰ ਸਕਦਾ ਹੈ।
ਮਨੁੱਖੀ ਸਹੂਲਤਾਂ:- ਵਿਗਿਆਨ ਦੀ ਕਾਢ ਨਾਲ ਗਰਮੀਆਂ ਵਿੱਚ ਏਸੀ ਨਾਲ ਕਮਰੇ ਨੂੰ ਠੰਡਾ ਅਤੇ ਸਰਦੀਆਂ ਵਿੱਚ ਗਰਮ ਕੀਤਾ ਜਾ ਸਕਦਾ ਹੈ। ਕੰਪਿਊਟਰ ਆਉਣ ਨਾਲ ਹੱਥੀ ਲਿਖਣ ਤੋਂ ਬਚਾ ਲਿਆ ਹੈ। ਆਟੋਮੈਟਿਕ ਮਸੀਨਾਂ ਨਾਲ ਉਦਯੋਗਿਕ ਖੇਤਰ ਵਿੱਚ ਵੀ ਵਿਗਿਆਨ ਦਾ ਬਹੁਤ ਵੱਡਾ ਯੋਗਦਾਨ ਹੈ।
ਖੇਤੀਬਾੜੀ ਦੇ ਖੇਤਰ ਵਿੱਚ ਉਨਤੀ:- ਖੇਤੀਬਾੜੀ ਬਲਦਾਂ ਦੀ ਥਾਂ ਟਰੈਕਟਰ ਨਾਲ ਹੋਣ ਲੱਗ ਪਈ ਹੈ। ਢੋਆ ਢੋਆਈ ਫਸਲਾਂ ਦੀ ਗੁਡ ਗੁਡਾਈ ਸਾਰੇ ਕੰਮ ਮਸੀਨਾਂ ਨਾਲ ਕੀਤੇ ਜਾਂਦੇ ਹਨ। ਫਸਲਾਂ ਦੀ ਬਿਮਾਰੀ ਲਈ ਕੀੜੇ ਮਾਰ ਦਵਾਈਆਂ ਬਣ ਗਈਆਂ ਹਨ।
ਸਾਰੰਸ਼:- ਹਰ ਚੀਜ਼ ਦੇ ਲਾਭ ਅਤੇ ਹਾਨੀਆਂ ਹੁੰਦੀਆਂ ਹਨ। ਇਸਦੀਆਂ ਵੀ ਕੁਝ ਹਾਨੀਆਂ ਹਨ ਪਰੰਤੂ ਹਾਨੀਆਂ ਨੂੰ ਨਕਾਰਦੇ ਹੋਏ ਸਾਨੂੰ ਇਸ ਦੇ ਲਾਭ ਵੱਲ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਬਰਬਾਦੀ ਤੋਂ ਬਚਿਆ ਜਾ ਸਕੇ।ਇਸਦੇ ਲਾਭ ਵੱਲ ਧਿਆਨ ਨਾਲ ਮਨੁੱਖਤਾ ਦਾ ਕਲਿਆਣ ਹੋ ਸਕਦਾ ਹੈ।
0 Comments