ਕੰਪਿਊਟਰ

 

                                        




ਕੰਪਿਊਟਰ ਵਿਗਿਆਨ ਦੀ ਇੱਕ ਅਦਭੁਤ ਖੋਜ ਹੈ ਜਿਸ ਨੇ ਮਨੁੱਖੀ ਜੀਵਨ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ । ਕੰਪਿਊਟਰ ਤਕਨਾਲੋਜੀ ਦੇ ਵਿਕਾਸ ਦੀ ਇੱਕ ਸਿਖਰ ਹੈ । ਕੰਪਿਊਟਰ ਨੇ ਮਨੁੱਖੀ ਦਿਮਾਗ ਦੇ ਗੁੰਝਲਦਾਰ ਕੰਮਾਂ ਨੂੰ ਸਾਂਭ ਲਿਆ ਹੈ ਅਤੇ ਇੰਟਰਨੈੱਟ ਨਾਲ ਸੰਸਾਰ ਦੇ ਕੋਨੇ - ਕੋਨੇ ਨੂੰ ਆਪਸ ਵਿੱਚ ਜੋੜ ਦਿੱਤਾ ਹੈ । ਕੰਪਿਊਟਰ ਦੀ ਸਿੱਖਿਆ ਅੱਜ ਦੇ ਸਮੇਂ ਦੀ ਪ੍ਰਮੁੱਖ ਲੋੜ ਬਣ ਗਈ ਹੈ । ਇਸ ਤੋਂ ਬਿਨਾਂ ਪ੍ਰਾਪਤ ਕੀਤੀ ਕੋਈ ਵੀ ਸਿੱਖਿਆ ਅਧੂਰੀ ਜਾਪਦੀ ਹੈ।    ਚਾਰਲਸ ਬੇਬਜ ਨੂੰ ਆਧੁਨਿਕ ਕੰਪਿਊਟਰ ਦਾ ਜਨਮਦਾਤਾ ਮੰਨਿਆ ਜਾਂਦਾ ਹੈ । ਉਸ ਨੇ ‘ ਰਾਇਲ ਸੋਸਾਇਟੀ ਦੀ ਬੇਨਤੀ ਉੱਤੇ 1840 ਵਿੱਚ ਗਿਣਤੀ ਲਈ ‘ ਵਿਸ਼ਲੇਸ਼ਣਾਤਮਿਕ ਇੰਜਣ ’ ਦਾ ਨਿਰਮਾਣ ਕੀਤਾ । ਬਹੁਤ ਸਾਰੇ ਵਿਗਿਆਨੀਆਂ ਨੇ ਕੰਪਿਊਟਰ ਦੀ ਕਾਰਜ - ਸਮਰੱਥਾ ਵਧਾਉਣ , ਸਹੀ ਨਤੀਜੇ ਪ੍ਰਾਪਤ ਕਰਨ ਅਤੇ ਇਸ ਦੀ ਵਰਤੋਂ ਨੂੰ ਸੁਖਾਲਾ ਬਣਾਉਣ ਲਈ ਇਸ ਖੇਤਰ ਵਿੱਚ ਕੰਮ ਕੀਤਾ । 1990 ਵਿੱਚ ‘ ਮਾਈਕਰੋ ਕੰਪਿਊਟਰ ’ ਅਤੇ ‘ ਪਰਸਨਲ ਕੰਪਿਊਟਰ ’ ਆਮ ਹੋ ਗਏ । ਕੰਪਿਊਟਰ ਨੂੰ ਹੋਰ ਬਿਹਤਰੀਨ ਬਣਾਉਣ ਲਈ ਅਜੇ ਵੀ ਵਿਗਿਆਨੀ ਜੁਟੇ ਹੋਏ ਹਨ । ਮੁੱਖ ਰੂਪ ਵਿੱਚ ਕੰਪਿਊਟਰ ਦੇ ਤਿੰਨ ਭਾਗ ਹੁੰਦੇ ਹਨ — ਆਦਾਨ ਭਾਗ , ਕੇਂਦਰੀ ਭਾਗ ਅਤੇ ਪ੍ਰਦਾਨ ਭਾਗ । ਆਦਾਨ ਭਾਗ ( ਇਨ - ਪੁੱਟ - ਡਿਵਾਇਸ ) ਦੀ ਮਦਦ ਨਾਲ ਅਸੀਂ ਕੇਂਦਰੀ ਭਾਗ ਨੂੰ ਨਿਰਦੇਸ਼ ਦਿੰਦੇ ਹਾਂ ਅਤੇ ਪ੍ਰਦਾਨ ਭਾਗ ( ਆਊਟ - ਪੁੱਟ ਡਿਵਾਇਸ ) ਤੋਂ ਅਸੀਂ ਨਤੀਜੇ ਪ੍ਰਾਪਤ ਕਰਦੇ ਹਾਂ । ਕੰਪਿਊਟਰ ਦੇ ਅਲੱਗ - ਅਲੱਗ ਹਿੱਸਿਆਂ ਨੂੰ ‘ ਹਾਰਡ - ਵੇਅਰ ' ਕਿਹਾ ਜਾਂਦਾ ਹੈ ਅਤੇ ਇਸ ਵਿੱਚ ਚੱਲਣ ਵਾਲੇ ਸਮੁੱਚੇ ਪ੍ਰੋਗ੍ਰਾਮ ਨੂੰ ‘ ਸਾਫ਼ਟ - ਵੇਅਰ ’ ਕਿਹਾ ਜਾਂਦਾ ਹੈ । ਸੁਰੁਆਤ ਵਿੱਚ ਕੰਪਿਊਟਰ ਦੀ ਵਰਤੋਂ ਗਣਿਤ ਜਾਂ ਹਿਸਾਬ - ਕਿਤਾਬ ਦੇ  ਕੰਮਾਂ ਵਿੱਚ ਹੀ ਹੁੰਦੀ ਸੀ । ਪਰ ਅਜੋਕੇ ਸਮੇਂ ਵਿੱਚ ਕੰਪਿਊਟਰ ਜ਼ਿੰਦਗੀ ਦੇ ਹਰ ਖੇਤਰ ਵਿੱਚ ਕੰਮ ਆ ਰਿਹਾ ਹੈ । ਕੰਪਿਊਟਰ ਦਾ ਪ੍ਰਯੋਗ ਵਿਭਿੰਨ ਉਦਯੋਗਾਂ , ਟੈਲੀਫੂਨ , ਬਿਜਲੀ , ਸਿਹਤ - ਵਿਭਾਗ , ਬੈਂਕਾਂ , ਸਿੱਖਿਆ - ਸੰਸਥਾਵਾਂ ਅਤੇ ਲਗ - ਪਗ ਸਾਰੇ ਸਰਕਾਰੀ ਅਤੇ ਗ਼ੈਰਸਰਕਾਰੀ ਦਫ਼ਤਰਾਂ ਅਤੇ ਸੰਸਥਾਵਾਂ ਵਿੱਚ ਹੁੰਦਾ ਹੈ । ਅੱਜ - ਕੱਲ੍ਹ ਰੇਲਵੇ ਵਿਭਾਗ ਵਿੱਚ ਸੀਟਾਂ ਰਾਖਵੀਆਂ ਕਰਵਾਉਣ ਲਈ ਵੀ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ ਹੈ । ਕੰਪਿਊਟਰ ਦੀ ਕੰਮ ਕਰਨ ਦੀ ਸਮਰੱਥਾ ਬਹੁਤ ਜ਼ਿਆਦਾ ਹੈ । ਇਹ ਸੈਂਕੜੇ ਮਨੁੱਖਾਂ ਦੁਆਰਾ ਕਈ ਦਿਨਾਂ ਵਿੱਚ ਕੀਤਾ ਜਾਣ ਵਾਲਾ ਕੰਮ ਮਿੰਟਾਂ ਵਿੱਚ ਕਰ ਸਕਦਾ ਹੈ । ਇਸ ਨਾਲ ਸ਼ਕਤੀ ਅਤੇ ਸਮਾਂ ਦੋਹਾਂ ਦੀ ਬੱਚਤ ਹੁੰਦੀ ਹੈ। ਗੱਲ ਕੀ ਕੰਪਿਊਟਰ ਨੇ ਮਨੁੱਖੀ ਜ਼ਿੰਦਗੀ ਨੂੰ ਅੰਤਾਂ ਦੀਆਂ ਸਹੂਲਤਾਂ ਦੇ ਕੇ ਸੁੱਖਾਂ ਨਾਲ ਭਰ ਦਿੱਤਾ ਹੈ । ਹੋਰ ਤਾਂ ਹੋਰ ਹੁਣ ਤਾਂ ਕੰਪਿਊਟਰ - ਮਨੁੱਖ ( ਰੋਬੋਟ ) ਦੀ ਵੀ ਖੋਜ ਹੋ ਚੁੱਕੀ ਹੈ । ਹਵਾਈ ਜਹਾਜ਼ਾਂ , ਮਿਜ਼ਾਈਲਾਂ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਕੰਪਿਊਟਰ ਦੁਆਰਾ ਨਿਯੰਤਰਨ ਹੋਣ ਲੱਗਿਆ ਹੈ । ਛਪਾਈ ਦੇ ਕੰਮ ਵਿੱਚ ਵੀ ਕੰਪਿਊਟਰ ਦੁਆਰਾ ਕੰਮ ਕੀਤਾ ਜਾਂਦਾ ਹੈ । ਇਸ ਨੇ ਛਪਾਈ ਦੀ ਦਿੱਖ ਨੂੰ ਬਹੁਤ ਸੁੰਦਰ ਅਤੇ ਆਕਰਸ਼ਕ ਬਣਾਇਆ ਹੈ । ਕੰਪਿਊਟਰ ਦੀ ਮਦਦ ਨਾਲ ਕਾਰਟੂਨ ਅਤੇ ਹੋਰ ਛੋਟੇ ਮੋਟੇ  ਚਿੱਤਰ ਬਣਾਏ ਜਾ ਸਕਦੇ ਹਨ । ਕੰਪਿਊਟਰ ਦੁਆਰਾ ਈ - ਮੇਲ ਰਾਹੀਂ ਸੰਦੇਸ਼ ਵੀ ਇੱਕ ਥਾਂ ਤੋਂ ਦੂਜੀ ਥਾਂ ਭੇਜਿਆ ਜਾ ਸਕਦਾ ਹੈ । ਕੰਪਿਊਟਰ ਸਾਹਮਣੇ ਬੈਠ ਕੇ ਅਸੀਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਆਪਣੇ ਮਿੱਤਰਾਂ ਜਾਂ ਸੰਬੰਧੀਆਂ ਨਾਲ ਗੱਲ ਕਰ ਸਕਦੇ ਹਾਂ । ਇਹ ਗੱਲ - ਬਾਤ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਅਸੀਂ ਇੱਕ - ਦੂਜੇ ਦੇ ਸਾਹਮਣੇ ਬੈਠ ਕੇ ਗੱਲਾਂ ਕਰ ਰਹੇ ਹੋਈਏ । ਇਸ ਸਾਰੇ ਕੰਮ ਨੂੰ ਇੰਟਰਨੈੱਟ ਨੇ ਸੰਭਵ ਬਣਾਇਆ ਹੈ । ਇੰਟਰਨੈੱਟ ਇੱਕ ਅਜਿਹੀ ਪ੍ਰਨਾਲੀ ਹੈ ਜਿਸ ਨਾਲ ਸਾਰੀ ਦੁਨੀਆ ਦੇ ਕੰਪਿਊਟਰ ਇੱਕ - ਦੂਜੇ ਨਾਲ ਜੁੜੇ ਹੋਏ ਹਨ । ਇੰਟਰਨੈੱਟ ਦੀ ਸਹੂਲਤ ਦੇਣ ਵਾਲੀਆਂ ਕੰਪਨੀਆਂ ਇਸ ਨੂੰ ਵਰਤਣ ਵਾਲੇ ਤੋਂ ਕੁਝ ਪੈਸੇ ਲੈ ਕੇ ਇਹ ਸਹੂਲਤ ਦਿੰਦੀਆਂ ਹਨ । ਵਰਤੋਂ ਕਰਨ ਵਾਲੇ ਦਾ ਇੱਕ ਗੁਪਤ ਕੋਡ - ਨੰਬਰ ਹੁੰਦਾ ਹੈ । ਇੰਟਰਨੈੱਟ ਰਾਹੀਂ ਅਸੀਂ ਆਪਣੇ ਕੰਪਿਊਟਰ ਉੱਤੇ ਘਰ ਬੈਠੇ ਹੀ ਹਰੇਕ ਵਿਸ਼ੇ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। 

ਕੰਪਿਊਟਰ ਦੇ ਬਹੁਤ ਸਾਰੇ ਲਾਭ ਹਨ | ਪਰ ਕੁਝ ਲੋਕਾਂ ਦਾ ਵਿਚਾਰ ਹੈ ਕਿ ਕੰਪਿਊਟਰ ਸੈਂਕੜੇ ਲੋਕਾਂ ਦਾ ਕੰਮ ਘੱਟ ਸਮੇਂ ਵਿੱਚ ਕਰਕੇ , ਬੇਰੁਜ਼ਗਾਰੀ ਵਧਾਉਣ ਵਿੱਚ ਵੱਡੀ ਭੂਮਿਕਾ ਨਿਭਾ ਰਿਹਾ ਹੈ । ਪਰ ਕੰਪਿਊਟਰ ਚਲਾਉਣ ਲਈ ਵੀ ਤਾਂ ਮਨੁੱਖਾਂ ਦੀ ਲੋੜ ਹੈ । ਕੰਪਿਊਟਰ - ਸਿੱਖਿਆ ਵਿੱਚ ਮਾਹਰ ਲੋਕਾਂ ਲਈ ਤਾਂ ਸਗੋਂ ਰੁਜ਼ਗਾਰ ਦੇ ਨਿੱਤ ਨਵੇਂ ਦਰਵਾਜ਼ੇ ਖੁੱਲ੍ਹ ਰਹੇ ਹਨ । 

           ਇਹ ਵੀ ਸੱਚ ਹੈ ਕਿ ਕੁਝ ਸਮਾਜ - ਵਿਰੋਧੀ ਤੱਤ ਕੰਪਿਊਟਰ ਦਾ ਦੁਰਉਪਯੋਗ ਵੀ ਕਰਦੇ ਹਨ । ਉਹ ਕੰਪਿਊਟਰ ਦੀ ਮਦਦ ਨਾਲ ਕਦੇ ਵੀ , ਕਿਸੇ ਨੂੰ ਵੀ ਅਨੈਤਿਕ ਫੋਟੋਆਂ ਤੇ ਸੁਨੇਹੇ ਭੇਜਣ ਤੋਂ ਨਹੀਂ ਡਰਦੇ । ‘ ਸਾਈਬਰ - ਕ੍ਰਾਈਮ ’ ਨਾਂ ਦਾ ਨਵਾਂ ਦੈਂਤ ਲੋਕਾਂ ਦੀ ਨੀਂਦ ਹਰਾਮ ਕਰ ਰਿਹਾ ਹੈ । ਕੰਪਿਊਟਰ ਦੀ ਮਦਦ ਨਾਲ ਨਕਲੀ ਕਰੰਸੀ , ਨਕਲੀ ਏ.ਟੀ.ਐੱਮ . ਜਾਂ ਕ੍ਰੈਡਿਟ - ਕਾਰਡ ਬਣਾਉਣਾ ਸ਼ਰਾਰਤੀ ਲੋਕਾਂ ਲਈ ਖੱਬੇ ਹੱਥ ਦੀ ਖੇਡ ਬਣ ਗਿਆ ਹੈ । ਅਜਿਹੇ ਠੱਗਾਂ ਤੋਂ ਬਚਣ ਲਈ ਕੰਪਿਊਟਰ ਦੀ ਵਰਤੋਂ ਕਰਨ ਵਾਲਿਆਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਕੰਪਿਊਟਰ ਦੀ ਅਜਿਹੀ ਦੁਰਵਰਤੋਂ ਕਰਨ ਵਾਲਿਆਂ ਲਈ ਸਖ਼ਤ ਕਨੂੰਨ ਹੋਣੇ ਚਾਹੀਦੇ ਹਨ । 

         ਕੰਪਿਊਟਰ ਦੀ ਜ਼ਿਆਦਾ ਵਰਤੋਂ ਕਰਨ ਨਾਲ ਬੱਚਿਆਂ ਦੀ ਸਿਹਤ ਉੱਤੇ ਵੀ ਮਾੜਾ ਅਸਰ ਪੈ ਰਿਹਾ ਹੈ । ਅੱਜ - ਕੱਲ੍ਹ ਬੱਚੇ ਖੇਡ ਦੇ ਮੈਦਾਨ ਵਿੱਚ ਜਾ ਕੇ ਖੇਡਣ ਦੀ ਥਾਂ ਕੰਪਿਊਟਰ ' ਤੇ ਖੇਡਾਂ ਖੇਡਣੀਆਂ ਜ਼ਿਆਦਾ ਪਸੰਦ ਕਰਦੇ ਹਨ । ਇਸ ਨਾਲ ਬੱਚਿਆਂ ਦਾ ਦਿਮਾਗ਼ ਭਾਵੇਂ ਤਿੱਖਾ ਹੁੰਦਾ ਹੈ ਪਰ ਸਰੀਰਿਕ ਤੌਰ ` ਤੇ ਉਹ ਤੰਦਰੁਸਤ ਨਹੀਂ ਰਹਿੰਦੇ । ਸਰੀਰ ਦੀ ਵਾਧੂ ਊਰਜਾ ਦਾ ਨਿਸਤਾਰਾ ਨਾ ਹੋਣ ਕਾਰਨ ਬੱਚਿਆਂ ਦਾ ਭਾਰ ਵਧਣਾ ਆਮ ਜਿਹੀ ਗੱਲ ਹੋ ਗਈ ਹੈ । ਜ਼ਿਆਦਾ ਦੇਰ ਤੱਕ ਕੰਪਿਊਟਰ ' ਤੇ ਕੰਮ ਕਰਨ ਨਾਲ ਅੱਖਾਂ ਉੱਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ । 

ਭਾਵੇਂ ਕੰਪਿਊਟਰ ਦੇ ਥੋੜੇ ਬਹੁਤ ਨੁਕਸਾਨ ਵੀ ਹਨ ਪਰ ਇਸਦੇ ਫਾਈਦੇ ਜਿਆਦਾ ਹਨ । ਇਸਦੇ ਸਹੀ ਤਰੀਕੇ ਨਾਲ ਇਸਤੇਮਾਲ ਕਰਨ ਤੇ ਅਸੀਂ ਨੁਕਸਾਨ ਤੋਂ ਬਚ ਸਕਦੇ ਹਾਂ। ਇਸਦੀ ਸੁਚੱਜੀ ਵਰਤੋਂ ਨਾਲ ਅਸੀਂ ਅੱਗੇ ਵਧ ਸਕਦੇ ਹਾਂ।

Post a Comment

0 Comments