ਭੂਮਿਕਾ:-ਹਰ ਇੱਕ ਮਨੁੱਖ ਚਾਹੁੰਦਾ ਹੈ ਕਿ ਉਹ ਅਜਾਦੀ ਨਾਲ ਜੀਵੇ ਪਰ ਉਹ ਉਦੋਂ ਹੀ ਅਜਾਦੀ ਨਾਲ ਜੀ ਸਕਦਾ ਹੈ ਜੇਕਰ ਉਸਦਾ ਦੇਸ਼ ਅਜਾਦ ਹੋਵੇ।ਭਾਰਤ ਵੀ ਸਦੀਆਂ ਤੱਕ ਗੁਲਾਮ ਰਿਹਾ।ਅੰਗਰੇਜ਼ਾਂ ਨੇ ਭਾਰਤੀਆਂ ਉਪਰ ਬਹੁਤ ਜੁਲਮ ਢਾਹੇ।ਪਰ ਇੱਕ ਦਿਨ ਅਜਿਹਾ ਆਇਆ ਜਿਸ ਦਿਨ ਅੰਗਰੇਜ਼ਾਂ ਨੂੰ ਆਪਣਾ ਬੋਰੀਆ ਬਿਸਤਰਾ ਗੋਲ ਕਰਨਾ ਪਿਆ।
ਅਜ਼ਾਦੀ ਲਈ ਲੜਾਈ:- ਅਜ਼ਾਦੀ ਹਾਸਲ ਕਰਨ ਲਈ ਅਜ਼ਾਦੀ ਦੇ ਸੰਗਰਾਮ ਦੇ ਸਿਪਾਹੀ ਪੂਰੀ ਤਰ੍ਹਾਂ ਨਾਲ ਅੰਗਰੇਜ਼ੀ ਸਰਕਾਰ ਦਾ ਵਿਰੋਧ ਕਰਨ ਲੱਗੇ।ਅੰਗਰੇਜ਼ੀ ਹਕੂਮਤ ਇਹਨਾਂ ਦੇਸ ਭਗਤਾਂ ਉਪਰ ਲਾਠੀਆਂ ਅਤੇ ਗੋਲੀਆਂ ਚਲਾਉਦੀ ਰਹੀ।ਪਰ ਜਿਉਂ ਜਿਉਂ ਸਰਕਾਰ ਦਾ ਜ਼ੁਲਮ ਵਧਦਾ , ਦੇਸ - ਭਗਤਾਂ ਵਿੱਚ ਜੋਸ਼ ਦੀ ਲਹਿਰ ਹੋਰ ਵੱਧਦੀ ਗਈ । ਆਖ਼ਰ ਸ਼ਹੀਦਾਂ ਦਾ ਖ਼ੂਨ ਰੰਗ ਲਿਆਇਆ । 15 ਅਗਸਤ , 1947 ਈ . ਦਾ ਉਹ ਪਵਿੱਤਰ ਦਿਨ ਵੀ ਆ ਗਿਆ ਜਦੋਂ ਗ਼ੁਲਾਮੀ ਦੀ ਰਾਤ ਗੁਜ਼ਰ ਗਈ ਅਤੇ ਅਜ਼ਾਦੀ ਦਾ ਸੂਰਜ ਚੜ੍ਹ ਆਇਆ ।
ਦੇਸ - ਭਗਤਾਂ ਦੀਆਂ ਕੁਰਬਾਨੀਆਂ : —15 ਅਗਸਤ ਦਾ ਸ਼ੁੱਭ ਦਿਨ ਦੇਖਣ ਲਈ ਕਈ ਅਣਗਿਣਤ ਮਾਂਵਾਂ ਦੀਆਂ ਗੋਦੀਆਂ ਦੇ ਲਾਲ ਲੁੱਟ ਗਏ , ਕਈ ਭੈਣਾਂ ਦੇ ਭਰਾ ਖੁਸ ਗਏ ਅਤੇ ਸੁਹਾਗਣਾਂ ਦੀ ਮਾਂਗ ਦਾ ਸੰਧੂਰ ਪੂੰਝਿਆ ਗਿਆ । ਗਾਂਧੀ , ਪਟੇਲ ,ਮੋਲਾਨਾ ਅਜਾਦ, ਜਵਾਹਰ ਲਾਲ ਨਹਿਰੂ ਤੇ ਲਾਲਾ ਲਾਜਪਤ ਰਾਏ ਵਰਗੇ ਮਹਾਨ ਦੇਸ - ਭਗਤਾਂ ਨੂੰ ਕਈ ਵਾਰ ਜੇਲ੍ਹ ਦੇ ਕਸ਼ਟ ਸਹਿਨ ਕਰਨੇ ਪਏ । ਨੇਤਾ ਜੀ ਸੁਭਾਸ਼ , ਅਸ਼ਫਾਕ ਉਲਾ ਖਾਨ,ਸ਼ਹੀਦ ਭਗਤ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਦੇ ਬਲੀਦਾਨ ਨੂੰ ਕੌਣ ਭੁਲਾ ਸਕਦਾ ਹੈ ? ਇਹਨਾਂ ਬਲੀਦਾਨਾਂ ਦੀ ਇੱਕ ਲੰਮੀ ਪਰੰਪਰਾ ਪਿੱਛੋਂ ਸਾਨੂੰ ਅਜ਼ਾਦੀ ਮਿਲੀ । 15 ਅਗਸਤ ਨੂੰ 1947 ਚਾਰੇ ਪਾਸੇ ਖ਼ੁਸ਼ੀ ਦੀ ਲਹਿਰ ਦੌੜ ਗਈ ।ਸਾਰੇ ਭਾਰਤੀਆਂ ਨੇ ਮਿਲਕੇ ਕੁਰਬਾਨੀਆਂ ਦਿੱਤੀਆਂ।
ਕੌਮੀ ਝੰਡਾ ਲਹਿਰਾਉਣਾ : —ਅਜ਼ਾਦੀ ਸੰਗਰਾਮ ਦੇ ਮਹਾਨ ਸੈਨਾਨੀ ਅਤੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਲਾਲ ਕਿਲ੍ਹੇ ' ਤੇ ਕੌਮੀ ਝੰਡਾ ਲਹਿਰਾਇਆ । ਸ਼ਹੀਦਾਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਗਈਆਂ । ਭਾਰਤ ਦੇ ਸੁਨਹਿਰੇ ਭਵਿੱਖ ਲਈ ਕਈ ਯੋਜਨਾਵਾਂ ਘੜੀਆਂ ਗਈਆਂ । 15 ਅਗਸਤ ਦੀ ਰਾਤ ਨੂੰ ਅਜਿਹੀ ਸ਼ਾਨਦਾਰ ਦੀਪਮਾਲਾ ਕੀਤੀ ਗਈ ਕਿ ਅਕਾਸ਼ ਵਿੱਚ ਚਮਕਣ ਵਾਲੇ ਅਣਗਿਣਤ ਤਾਰਿਆਂ ਨੇ ਵੀ ਆਪਣਾ ਮੂੰਹ ਲੁਕਾ ਲਿਆ ।
ਅਜ਼ਾਦ ਭਾਰਤ ਅਤੇ ਸਮੱਸਿਆਵਾਂ : —ਹੁਣ ਭਾਰਤ ਅਜ਼ਾਦ ਹੈ । ਪਰ ਸਾਡੇ ਸਾਹਮਣੇ ਦੇਸ਼ ਦੇ ਨਵ - ਨਿਰਮਾਣ ਦਾ ਕੰਮ ਅਜੇ ਅਧੂਰਾ ਪਿਆ ਹੈ।ਦੁੱਖ ਦੀ ਗੱਲ ਹੈ ਕਿ ਲੰਮੇ ਸਮੇਂ ਬਾਅਦ ਵੀ ਭਾਰਤ ਦਾ ਸੁਪਨਾ ਸਾਕਾਰ ਨਹੀਂ ਹੋ ਸਕਿਆ।ਅੱਜ ਭਾਰਤ ਦੇ ਜ਼ਿਆਦਾਤਰ ਲੋਕ ਨਿੱਜੀ ਸੁਆਰਥ ਦੀ ਦਲ - ਦਲ ਵਿੱਚ ਫਸੇ ਹੋਏ ਹਨ । ਸਾਡਾ ਮੁੱਖ ਫ਼ਰਜ਼ ਹੈ ਕਿ ਦੇਸ ਦੇ ਵਿਕਾਸ ਲਈ , ਇਸ ਦੀ ਅਜ਼ਾਦੀ ਨੂੰ ਬਣਾਈ ਰੱਖਣ ਲਈ , ਇਮਾਨਦਾਰੀ ਦਾ ਸਬੂਤ ਦੇਈਏ । ਜਨਤਾ ਅਤੇ ਸਰਕਾਰ ਨੂੰ ਮਿਲ ਕੇ ਦੇਸ ਦਾ ਨਵ - ਨਿਰਮਾਣ ਕਰਨ ਲਈ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ ਕੁਝ ਭਾਰਤੀ ਲੋਕ ਆਪਸ ਵਿੱਚ ਨਫ਼ਰਤ ਫੈਲਾ ਰਹੇ ਹਨ ਤਾਂ ਕਿ ਉਹ ਸੱਤਾ ਵਿੱਚ ਬਣੇ ਰਹਿਣ।ਇਹ ਦੇਸ਼ ਲਈ ਬਹੁਤ ਘਾਤਕ ਹੋ ਸਕਦਾ ਹੈ।
ਸਾਰੰਸ਼ : — ਇਸ ਤਰ੍ਹਾਂ 15 ਅਗਸਤ ਦਾ ਦਿਨ ਦੇਸ਼ ਦੀ ਅਜ਼ਾਦੀ ਲਈ ਦਿੱਤੀਆਂ ਕੁਰਬਾਨੀਆਂ ਦੀ ਯਾਦ ਤਾਜ਼ਾ ਕਰਦਾ ਹੈ । ਇਹ ਦਿਨ ਸਾਨੂੰ ਆਪਣੀ ਅਜ਼ਾਦੀ ਬਣਾਈ ਰੱਖਣ ਦੀ ਸਿੱਖਿਆ ਵੀ ਦਿੰਦਾ ਹੈ ।ਸਾਡੇ ਦੇਸ਼ ਵਿੱਚ ਵੱਡੇ ਪੱਧਰ ਤੇ ਅਜ਼ਾਦੀ ਦਿਹਾੜਾ ਮਨਾਇਆ ਜਾਂਦਾ ਹੈ।
0 Comments